Tuesday, January 3, 2023

ਪਿੰਡ ਚੰਦੇਲੀ ਦੇ ਨੌਜਵਾਨ ਦਾ 31 ਦਸੰਬਰ ਨੂੰ ਕਨੇਡਾ 'ਚ ਲੁੱਟ ਤੋਂ ਬਾਅਦ ਕਤਲ, ਨੌਜਵਾਨ ਦੀ ਲਾਸ਼ ਕਾਰ'ਚੋਂ ਲੱਭੀ


ਹੁਸ਼ਿਆਰਪੁਰ 03 ਜਨਵਰੀ (ਦੀਪਕ ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੰਦੇਲੀ ਦੇ ਪੰਜ ਸਾਲ ਪਹਿਲਾਂ ਕਨੇਡਾ ਗਏ ਨੌਜਵਾਨ ਦਾ 31 ਦਸੰਬਰ ਦੀ ਰਾਤ ਨੂੰ  ਢਾਈ ਵਜੇ ਦੇ ਕਰੀਬ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ | ਲੁਟੇਰੇ ਜਾਂਦੇ ਹੋਏ ਉਸ ਦੇ ਸਰੀਰ 'ਤੇ ਪਾਏ ਸਾਰੇ ਗਹਿਣੇ, ਮੋਬਾਇਲ, ਪਰਸ, ਏ ਟੀ ਐਮ ਅਤੇ ਪੈਸੇ ਵੀ ਨਾਲ ਲੈ ਗਏ | ਪੀੜਿਤ ਪਰਿਵਾਰ ਨੇ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਹੈ ਕਿ ਉਨਾਂ ਦੇ ਇਕਲੌਤੇ ਪੁੱਤਰ ਦੇ ਕਨੇਡਾ ਵਿਚ ਹੋਏ ਕਤਲ ਦੇ ਦੋਸ਼ੀਆਂ ਦਾ ਪਤਾ ਲਗਾ ਕੇ ਸਜਾ ਦਿੱਤੀ ਜਾਵੇ | ਪ੍ਰਾਪਤ ਜਾਣਕਾਰੀ ਅਨੁਸਾਰ ਤਰਲੋਕ ਨਾਥ ਸ਼ਰਮਾ ਵਾਸੀ ਚੰਦੇਲੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜ ਕੁ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਮੋਹਿਤ ਸ਼ਰਮਾ (28) ਪੜ੍ਹਾਈ ਦੇ ਤੌਰ 'ਤੇ ਕਨੇਡਾ ਗਿਆ ਸੀ ਅਤੇ ਉੱਥੇ ਹੀ ਪੱਕਾ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਮੋਹਿਤ ਦਾ ਚਚੇਰਾ ਭਰਾ ਅਰਮਾਨ ਸ਼ਰਮਾ ਵੀ ਕਨੇਡਾ ਗਿਆ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਨੇਡਾ ਪਹੁੰਚੇ ਭਤੀਜੇ ਅਰਮਾਨ ਸ਼ਰਮਾ ਨੇ ਫ਼ੋਨ 'ਤੇ ਆਪਣੇ ਤਾਏ ਤਰਲੋਕ ਨਾਥ ਸ਼ਰਮਾ ਨੂੰ  ਐਤਵਾਰ ਦੀ ਸਵੇਰ ਫ਼ੋਨ 'ਤੇ ਦੱਸਿਆ ਕਿ ਮੋਹਿਤ ਉਨ੍ਹਾਂ ਨੂੰ  ਨਹੀਂ ਲੱਭ ਰਿਹਾ ਪਤਾ ਨਹੀ ਕਿੱਧਰੇ ਚਲਾ ਗਿਆ ਹੈ | ਉਨ੍ਹਾਂ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ  ਕਨੇਡਾ ਦੇ ਸ਼ਹਿਰ ਟਿਮਨ ਹੱਟ ਵਿਖ਼ੇ ਰਾਤ ਦੀ ਨਵੇਂ ਸਾਲ ਦੀ ਪਾਰਟੀ ਤੋਂ ਬਾਅਦ ਉਨ੍ਹਾਂ ਕੋਲ ਹੀ ਸੌਂ ਗਿਆ ਸੀ ਪਰੰਤੂ ਰਾਤ ਇੱਕ ਵਜੇ ਦੇ ਕਰੀਬ ਨੀਂਦ ਨਾ ਆਉਂਦੀ ਦੇਖ਼ ਉਹ ਮੁੜ ਅਪਣੇ ਕਮਰੇ ਵਿਚ ਚਲਾ ਗਿਆ | ਉਨ੍ਹਾਂ ਦੱਸਿਆ ਕਿ ਰਾਤ ਢਾਈ ਵਜੇ ਉੱਠ ਕੇ ਮੁੜ ਉਹ ਆਪਣੇ ਕਮਰੇ ਵਿਚ ਚਲਾ ਗਿਆ ਅਤੇ ਉੱਥੋਂ ਹੀ ਇੱਕ ਪੱਬ ਵਿਚ ਚਲਾ ਗਿਆ | ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਆਉਣ ਲੱਗ ਪਿਆ | ਉਨ੍ਹਾਂ ਕਿਹਾ ਕਿ ਫ਼ੋਨ ਬੰਦ ਆਉਣ ਕਾਰਨ ਉਹ ਉਸ ਨੂੰ  ਕਮਰੇ ਵਿਚ ਦੇਖ਼ਣ ਗਏ ਪਰ ਉਹ ਉੱਥੇ ਵੀ ਨਹੀਂ ਸੀ | ਉਨ੍ਹਾਂ ਦੱਸਿਆ ਕਿ ਉਹ ਸਾਰਾ ਦਿਨ ਉਸ ਨੂੰ  ਨਹੀਂ ਲੱਭਦੇ ਰਹੇ ਪਰੰਤੂ ਉਹ ਨਾ ਲੱਭਾ ਅਤੇ ਇੱਕ
ਜਨਵਰੀ ਦੀ ਸਵੇਰ ਸ਼ਹਿਰ ਤੋਂ ਬਾਹਰ ਉਸ ਦੀ ਕਾਰ ਇੱਕ ਸੁੰਨਸਾਨ ਇਲਾਕੇ ਵਿਚ ਮਿਲੀ ਅਤੇ ਪਿਛਲੀ ਸੀਟ 'ਤੇ ਉਨ੍ਹਾਂ ਦੇ ਪੁੱਤਰ ਮੋਹਿਤ ਦੀ ਲਾਸ਼ ਪਈ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਵਲੋਂ ਪਾਏ ਸੋਨੇ ਦੇ ਗਹਿਣੇ ਜਿਸ ਵਿਚ ਚੈਨੀ, ਕੜਾ, ਡਾਇਮੰਡ ਟਾਪਸ, ਮੁੰਦਰੀਆਂ, ਪਰਸ, ਮੋਬਾਇਲ ਅਤੇ ਏ ਟੀ ਐਮ ਕਾਰਡ ਵੀ ਗਾਇਬ ਸੀ | ਉਨ੍ਹਾਂ ਸ਼ਕ ਪ੍ਰਗਟ ਕੀਤਾ ਕਿ ਲੁੱਟ ਖ਼ੋਹ ਦੀ ਨੀਅਤ ਨਾਲ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਨੇਡਾ ਪੁਲਸ ਵੀ ਮਾਮਲੇ ਦੀ ਪੜਤਾਲ ਕਰ ਰਹੀ ਹੈ | ਉਨ੍ਹਾਂ ਭਾਰਤ ਸਰਕਾਰ ਦੇ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਕਿ ਕਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ  ਲੜਕੇ ਦੇ ਕਤਲ ਦੇ ਕਾਰਨਾ ਦਾ ਪਤਾ ਲਗਾਇਆ ਜਾਵੇ ਅਤੇ ਕਥਿਤ ਦੋਸ਼ੀਆਂ ਨੂੰ  ਸਜਾ ਦਿਵਾਈ ਜਾਵੇ |

No comments:

Post a Comment

Popular News