Monday, January 2, 2023

ਜ਼ਿਲ੍ਹਾ ਭਾਸ਼ਾ ਦਫ਼ਤਰ ਲੁਧਿਆਣਾ ਵੱਲੋਂ ਮਨਾਇਆ ਗਿਆ ਭਾਸ਼ਾ ਵਿਭਾਗ, ਪੰਜਾਬ ਦਾ 75ਵਾਂ ਸਥਾਪਨਾ ਦਿਵਸ

ਲੁਧਿਆਣਾ, 02 ਜਨਵਰੀ - ਪੰਜਾਬ ਸਰਕਾਰ ਜਿੱਥੇ ਸਿਹਤ ਅਤੇ ਸਿੱਖਿਆ ਪ੍ਰਤੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਉੱਥੇ ਭਾਸ਼ਾ ਅਤੇ ਸਾਹਿਤ ਪ੍ਰਤੀ ਵੀ ਆਪਣੀ ਬਣਦੀ ਭੂਮਿਕਾ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਹੈ। ਇਨ੍ਹਾਂ ਯਤਨਾਂ ਵਜੋਂ ਹੀ ਮਾਨਯੋਗ ਸ਼੍ਰੀ ਮੀਤ ਹੇਅਰ ਕੈਬਨਿਟ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੀ ਅਗਵਾਈ ਵਿੱਚ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਡਾ. ਵੀਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦਾ 75ਵਾਂ ਸਥਾਪਨਾ ਦਿਵਸ ਬਹੁਤ ਹੀ ਸੁਚੱਜੇ ਅਤੇ ਵਿਉਂਤਬੱਧ ਤਰੀਕੇ ਨਾਲ ਮਨਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਭਾਸ਼ਾ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਨੇ ਉਚੇਚੇ ਤੌਰ ਤੇ ਭਾਗ ਲਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਨਵੇਂ ਸਾਲ ਅਤੇ ਭਾਸ਼ਾ ਵਿਭਾਗ, ਪੰਜਾਬ ਦੇ 75ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਸ਼ਾ ਵਿਭਾਗ ਦੇ ਗੌਰਵਮਈ ਇਤਿਹਾਸ, ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਦਾ ਪ੍ਰਕਾਸ਼ਨਾ ਦੇ ਖੇਤਰ ਵਿੱਚ ਬਹੁਤ ਵਢਮੁੱਲਾ ਕਾਰਜ ਰਿਹਾ ਹੈ। ਇਸ ਵਿੱਚ ਸਿਰਜਨਾਤਮਿਕ ਸਾਹਿਤ ਦੇ ਨਾਲ ਨਾਲ ਕੋਸ਼ਕਾਰੀ, ਬਾਲ ਸਾਹਿਤ, ਕਲਾਸਕੀ ਸਾਹਿਤ ਦਾ ਅਨੁਵਾਦ, ਸੰਪਾਦਨਾ ਅਤੇ ਭਾਸ਼ਾ ਵਿਭਾਗ ਦੇ ਚਾਰ ਰਸਾਲੇ (ਪੰਜਾਬੀ ਦੁਨੀਆ, ਜਨ ਸਾਹਿਤ, ਪੰਜਾਬ ਸੌਰਭ ਅਤੇ ਪ੍ਰਵਾਜ਼-ਏ-ਅਦਬ) ਜ਼ਿਕਰਯੋਗ ਕਾਰਜ ਹਨ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਸਾਹਿਤ ਸਿਰਜਣ, ਸਾਹਿਤ ਸਭਾਵਾਂ ਨਾਲ ਮਿਲਕੇ ਸਾਹਿਤਕ ਸਮਾਗਮ ਕਰਵਾਉਣੇ, ਪੰਜਾਬੀ ਪ੍ਰਚਾਲਣ, ਉਰਦੂ ਆਮੋਜ਼ ਦੇ ਕੋਰਸ ਦੀ ਸਿਖਲਾਈ ਲਈ ਕਲਾਸਾਂ ਅਤੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਭਾਸ਼ਾ ਮੰਚਾਂ ਰਾਹੀਂ ਸਾਹਿਤਕ ਅਤੇ ਕਲਾਤਮਿਕ ਸਮਾਗਮ ਕਰਵਾਉਣਾ ਵੀ ਵਿਭਾਗ ਦੀਆਂ ਗਤੀਵਿਧੀਆਂ ਦਾ ਪ੍ਰਮੁੱਖ ਹਿੱਸਾ ਹੈ। ਪਿਛਲੇ ਸਾਲ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵੱਲੋਂ ਵੱਖ-ਵੱਖ ਵਿਧਾਵਾਂ ਦੇ ਸਾਹਿਤਕ ਸਮਾਗਮ ਕਰਵਾਏ ਗਏ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ.ਹਰਪਾਲ ਸਿੰਘ ਸਿੱਧੂ ਰਿਟਾ.ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਨੇ ਭਾਸ਼ਾ ਵਿਭਾਗ ਨਾਲ਼ ਸੰਬੰਧਤ ਆਪਣੇ ਅਨੁਭਵ ਸਾਂਝੇ ਕੀਤੇ । ਉਹਨਾਂ ਕਿਹਾ ਕਿ ਹਰ ਦੌਰ ਵਿੱਚ ਪੰਜਾਬੀ ਭਾਸ਼ਾ ਦੇ ਦਰਪੇਸ਼ ਚੁਨੌਤੀਆਂ ਦਾ ਭਾਸ਼ਾ ਵਿਭਾਗ ਪੰਜਾਬ ਨੇ ਬਹੁਤ ਸੁਹਿਰਦਤਾ ਨਾਲ਼ ਸਾਹਮਣਾ ਕੀਤਾ ਹੈ । ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਸ਼੍ਰੀਮਤੀ ਮਨਦੀਪ ਕੌਰ ਭੰਮਰਾ, ਚੇਅਰਪਰਸਨ ਚਿੰਤਨਸ਼ੀਲ ਸਿਰਜਣਧਾਰਾ ਨੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ
ਅਤੇ ਭਾਸ਼ਾ ਵਿਭਾਗ ਦੇ ਗੌਰਵਮਈ ਇਤਿਹਾਸ ਦਾ ਜ਼ਿਕਰ ਕੀਤਾ। ਸਾਹਿਤਕ ਰਸਾਲੇ ‘ਨਜ਼ਰੀਆ’ ਦੇ ਮੁੱਖ ਸੰਪਾਦਕ ਡਾ.ਗੁਲਜ਼ਾਰ ਪੰਧੇਰ ਨੇ ਕਿਹਾ ਕਿ ਭਾਸ਼ਾ ਵਿਭਾਗ ਅਤੇ ਸਾਹਿਤਕ ਜੱਥੇਬੰਦੀਆਂ ਮਿਲ ਕੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਯਤਨ ਕਰਨ । ਭਾਸ਼ਾ ਵਿਭਾਗ ਦੇ ਸਾਬਕਾ ਕਰਮਚਾਰੀਆਂ ਸ਼੍ਰੀਮਤੀ ਜਸਵੀਰ ਕੌਰ ਅਤੇ ਸ਼੍ਰੀਮਤੀ ਭੂਪਿੰਦਰਜੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀ ਸੰਦੀਪ ਸਿੰਘ ਖੋਜ ਅਫ਼ਸਰ ਨੇ ਨਿਭਾਈ । ਇਸ ਮੌਕੇ ਸ਼੍ਰੀ ਮੁਨੀਸ਼ ਕੁਮਾਰ ਮੈਨੇਜਰ ਖੇਤਰੀ ਡੀਪੂ ਪੰਜਾਬ ਸਕੂਲ ਸਿੱਖਿਆ ਬੋਰਡ ,ਸ਼੍ਰੀ ਸੁਮਿਤ ਗੁਲਾਟੀ ਚੇਤਨਾ ਪ੍ਰਕਾਸ਼ਨ, ਸ਼੍ਰੀ ਸੁਖਦੀਪ ਸਿੰਘ ਕਲਰਕ ,ਸ਼੍ਰੀ ਰਾਜੀਵ ਸ਼ਰਮਾ ਆਦਿ ਹਾਜ਼ਰ ਸਨ।

No comments:

Post a Comment

Popular News