Thursday, December 8, 2022

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਗੁਰੂ ਨਾਨਕ ਸਟੇਡੀਅਮ 'ਚ ਰਾਜ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

- ਦੋ ਦਿਨ ਚੱਲਣ ਵਾਲੀਆਂ ਖੇਡਾਂ 'ਚ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀ ਦਿਖਾਉਣਗੇ ਆਪਣੇ ਜੌਹਰ - ਖਿਡਾਰੀਆਂ ਨੂੰ ਨਵਾਂ ਪਲੇਟਫਾਰਮ ਪ੍ਰਦਾਨ ਕਰਨਗੀਆਂ ਇਹ ਖੇਡਾਂ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

ਲੁਧਿਆਣਾ, 08 ਦਸੰਬਰ - ਸਿੱਖਿਆ ਵਿਭਾਗ, ਸਮੱਗਰਾ ਸਿੱਖਿਆ ਅਭਿਆਨ, ਪੰਜਾਬ ਦੇ ਆਈ.ਈ.ਡੀ. ਕੰਪੋਨੈਂਟ ਅਧੀਨ ਅੱਜ

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਰਾਜ ਪੱਧਰੀ ਦੋ ਰੋਜ਼ਾ ਖੇਡਾਂ ਦਾ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਸਿੱਖਿਆ ਮੰਤਰੀ ਸ. ਹਰਜ਼ੋਤ ਸਿੰਘ ਬੈਂਸ ਵਲੋਂ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਨ੍ਹਾਂ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ। ਇਨ੍ਹਾਂ ਖੇਡਾਂ ਵਿੱਚ 23 ਜ਼ਿਲ੍ਹਿਆਂ ਦੇ ਕਰੀਬ 1650 ਦਿਵਿਆਂਗ ਖਿਡਾਰੀ ਐਥਲੀਟ, ਫੁੱਟਬਾਲ, ਬੈਡਮਿੰਟਨ, ਹੈੱਡਬਾਲ, ਵਾਲੀਬਾਲ ਆਦਿ ਖੇਡਾਂ ਵਿੱਚ ਭਾਗ ਲੈ ਰਹੇ ਹਨ। ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹੀਦੇ ਆਜ਼ਮ ਸੁਖਦੇਵ ਥਾਪਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਇਨ੍ਹਾਂ ਰਾਜ ਪੱਧਰੀ ਖੇਡਾਂ
ਦੀ ਸ਼ੁਰੂਆਤ ਕਰਵਾਕੇ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਸੂਬਾ ਸਰਕਾਰ ਇਹਨਾਂ ਬੱਚਿਆਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਲਿਜਾਣ ਲਈ ਸੂਬਾ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਖੇਡਾਂ ਇਸ ਪਾਸੇ ਵੱਲ ਇੱਕ ਸਹੀ ਕਦਮ ਹੈ ਕਿਉਂਕਿ ਇਹ ਖੇਡਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਲੁਕਵੀਂ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ। ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਡਾਂ ਸੂਬਾ ਸਰਕਾਰ ਨੂੰ ਖਿਡਾਰੀਆਂ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰਨਗੀਆਂ ਜੋ ਭਵਿੱਖ ਵਿੱਚ ਹੋਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਮਾਜ ਦਾ ਅਨਿਖੜਵਾਂ ਅੰਗ ਹਨ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਅੱਗੇ ਆਉਣਾ ਚਾਹੀਦਾ ਹੈ। ਉਦਘਾਟਨੀ ਸਮਾਰੋਹ ਵਿੱਚ ਪਹੁੰਚਣ 'ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੇ ਨਾਲ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ, ਐਸ.ਡੀ.ਐਮ. (ਪੱਛਮੀ) ਸ੍ਰੀਮਤੀ ਸਵਾਤੀ ਟਿਵਾਣਾ, ਤਹਿਸੀਲਦਾਰ ਸ੍ਰੀ ਲਕਸ਼ੇ ਕੁਮਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਸਿੱਖਿਆ ਮੰਤਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਦਿਵਿਆਂਗ ਬੱਚਿਆਂ ਦੀਆਂ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਤੋਂ ਬਾਅਦ ਸ. ਹਰਜੋਤ ਸਿੰਘ ਬੈਂਸ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਗਿਆ ਅਤੇੇ ਦਿਵਿਆਂਗ ਖਿਡਾਰੀਆਂ ਨੇ ਸਿੱਖਿਆ ਮੰਤਰੀ ਨਾਲ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਵਿੱਚ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਰਾਹੀਂ ਨੌਜਵਾਨੀ ਵਿੱਚ ਨਵਾਂ ਜੋਸ਼ ਭਰਿਆ ਹੈ ਓਸੇ ਤਰ੍ਹਾਂ ਹੀ ਇਹ ਰਾਜ ਪੱਧਰੀ ਖੇਡਾਂ ਵੀ ਸਾਡੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਨਵਾਂ ਪਲੇਟਫਾਰਮ ਪ੍ਰਦਾਨ ਕਰਨਗੀਆਂ। ਇਸ ਮੌਕੇ ਅਮਨਦੀਪ ਕੌਰ ਸਹਾਇਕ ਡਾਇਰੈਕਟਰ, ਏ.ਐਸ.ਪੀ.ਡੀ.(ਐਚ.ਆਰ) ਮੈਡਮ ਸਵਤੰਤਰ ਕੌਰ, ਆਈ.ਈ.ਡੀ. ਕੰਪੋਨੈਂਟ ਦੇ
ਸਹਾਇਕ ਅਸਿਸਟੈਂਟ ਮਨਪ੍ਰੀਤ ਸਿੰਘ, ਨਿਧੀ ਗੁਪਤਾ ਸਟੇਟ ਸਪੈਸ਼ਲ ਐਜੂਕੇਟਰ, ਜਿਲ੍ਹਾ ਸਿੱਖਿਆ ਅਫਸਰ ਹਰਜੀਤ ਸਿੰਘ (ਸੈ.ਸਿ), ਬਲਦੇਵ ਸਿੰਘ (ਐ.ਸਿ.), ਡਿਪਟੀ ਡੀ.ਓ ਜਸਵਿੰਦਰ ਸਿੰਘ, ਡਿਪਟੀ ਡੀ.ਓ ਅਸ਼ੀਸ਼ ਕੁਮਾਰ, ਡੀ.ਐਮ ਸਪੋਰਟਸ ਅਜੀਤਪਾਲ ਸਿੰਘ, ਗੁਲਜਾਰ ਸ਼ਾਹ, ਚੇਅਰਮੈਨ ਅਨਿਲ.ਕੇ ਮੂੰਗਾ (ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੋਰਾਹਾ), ਡੀਐੱਸਈ ਪ੍ਰਦੀਪ ਕੌਰ, ਫਿਜਿਓਥਰੈਪੀਸ਼ਟ ਪ੍ਰੀਤੀ ਤੱਗੜ, ਹਰਮਿੰਦਰ ਰੂਮੀ, ਏਜੀਐੱਮ ਪ੍ਰਮੋਦ ਸਾਗੜਾ, ਡਿੱਕੀ ਛਾਬੜਾ, ਪ੍ਰਿੰ.ਸੰਤੋਖ ਸਿੰਘ ਗਿੱਲ, ਪ੍ਰਿੰ.ਬਲਵਿੰਦਰ ਕੌਰ, ਪ੍ਰਿੰ.ਵਿਸ਼ਵਕੀਰਤ ਕੌਰ ਕਾਹਲੋਂ, ਪ੍ਰਿੰ.ਗੁਰਮੀਤ ਕੌਰ, ਪ੍ਰਿੰ.ਗੁਰਜੰਟ ਸਿੰਘ, ਪ੍ਰਿੰ.ਪ੍ਰਦੀਪ ਕੁਮਾਰ, ਕਰਮਜੀਤ ਸਿੰਘ ਗਰੇਵਾਲ (ਸਟੇਟ ਤੇ ਨੈਸ਼ਨਲ ਅਵਾਰਡੀ) ਆਦਿ ਹਾਜ਼ਰ ਸਨ।

No comments:

Post a Comment

Popular News