Tuesday, November 22, 2022

ਲੁਧਿਆਣਾ 'ਚ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦਾ ਰਾਜ ਪੱਧਰੀ ਸਮਾਗਮ ਆਯੋਜਿਤ

 - ਸਰਕਾਰੀ ਕਾਲਜ (ਲੜਕੀਆਂ) ਵਿਖੇ ਉਲੀਕੇ ਗਏ ਸਮਾਗਮ ਮੌਕੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਲਿਆ ਹਿੱਸਾ
- ਭਾਸ਼ਾ ਵਿਭਾਗ ਵਲੋਂ ਨਵੰਬਰ ਮਹੀਨੇ ਨੂੰ ਪੰਜਾਬੀ ਮਾਂਹ ਵਜੋਂ ਮਨਾਉਂਦੇ ਹੋਏ ਵੱਖ-ਵੱਖ ਜ਼ਿਲ੍ਹਿਆਂ 'ਚ ਉਲੀਕੇ ਗਏ ਸਮਾਗਮ

ਲੁਧਿਆਣਾ, 22 ਨਵੰਬਰ (Sanjeev Kumar Sharma) - ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਮਾਨਯੋਗ ਮੰਤਰੀ ਭਾਸ਼ਾਵਾਂ ਤੇ ਉਚੇਰੀ ਸਿੱਖਿਆ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਦੁਆਰਾ ਨਵੰਬਰ ਮਹੀਨੇ ਨੂੰ ਪੰਜਾਬੀ ਮਾਂਹ ਵਜੋਂ ਮਨਾਉਂਦੇ ਹੋਏ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਾਗਮ ਉਲੀਕੇ ਗਏ ਹਨ। ਇਸੇ ਲੜੀ ਵਿੱਚ ਜ਼ਿਲ੍ਹਾ ਲੁਧਿਆਣਾ ਵਿਖੇ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦਾ ਰਾਜ ਪੱਧਰੀ ਸਮਾਗਮ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਉਲੀਕਿਆ ਗਿਆ।

ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਪ੍ਰੋ.ਗੁਰਭਜਨ ਗਿੱਲ ਵਲੋਂ ਕੀਤੀ ਗਈ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਵਿਦਿਆਰਥੀਆਂ ਦੀ ਕਲਾ ਦੇਖ ਕੇ ਉਹਨਾਂ ਨੂੰ ਤਸੱਲੀ ਤੇ ਸਕੂਨ ਮਿਲਿਆ ਹੈ। ਉਨ੍ਹਾਂ ਭਵਿੱਖ ਵਿੱਚ ਇਨ੍ਹਾਂ ਮੁਕਾਬਲਿਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਭਾਸ਼ਾ ਵਿਭਾਗ ਨੂੰ ਕੁਝ ਉਸਾਰੂ ਸੁਝਾਅ ਵੀ ਦਿੱਤੇ। ਸਹਾਇਕ ਡਾਇਰੈਕਟਰ ਸ. ਸਤਨਾਮ ਸਿੰਘ ਨੇ ਵੀ ਵਿੱਦਿਆਰਥੀਆਂ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਭਾਸ਼ਾ ਵਿਭਾਗ ਵਲੋਂ ਕਲਾ ਤੇ ਸਾਹਿਤ ਸਮਾਜ ਦੇ ਕੁਹਜ ਨੂੰ ਸੁਹਜ ਵਿੱਚ ਬਦਲ ਕੇ ਮਨੁੱਖੀ ਜ਼ਿੰਦਗੀ ਨੂੰ ਸਾਵਾਂ ਪੱਧਰਾ ਤੇ ਖੁਸ਼ਗਵਾਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਭਾਸ਼ਾ ਵਿਭਾਗ, ਪੰਜਾਬ ਵਿਦਿਆਰਥੀਆਂ ਅੰਦਰ ਸੁਹਜ ਭਾਵਨਾ ਵਿਕਸਿਤ ਕਰਨ ਲਈ ਹਰ ਸਾਲ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਉਣ ਦਾ ਉਪਰਾਲਾ ਕਰਦਾ ਹੈ। ਸਾਲ 2022 ਦੇ ਇਹ ਮੁਕਾਬਲੇ ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਡਾ. ਵੀਰਪਾਲ ਕੌਰ ਹੋਰਾਂ ਦੀ ਸੁਯੋਗ ਅਗਵਾਈ ਵਿੱਚ ਪਹਿਲਾਂ ਇਹ ਮੁਕਾਬਲੇ ਜ਼ਿਲ੍ਹਾ ਪੱਧਰ 'ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੇ ਗਏ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਵਿਧਾਵਾਂ ਵਿੱਚ ਸੌ ਤੋਂ ਵੱਧ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਚੋਣਵੇਂ ਕਵੀਆਂ ਦੀਆਂ ਕਵਿਤਾਵਾਂ ਦੇ ਗਾਇਨ ਅਤੇ ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਕਵਿਤਾ, ਲੇਖ ਅਤੇ ਕਹਾਣੀ ਲੇਖਣ ਦੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਡਾ. ਜਗਵਿੰਦਰ ਜੋਧਾ, ਤ੍ਰਲੋਚਨ ਲੋਚੀ, ਡਾ. ਅਜੀਤ ਪਾਲ ਜਟਾਣਾ, ਡਾ. ਜਸਲੀਨ ਕੌਰ, ਪ੍ਰੋ ਜਸਵਿੰਦਰ ਸਿੰਘ, ਡਾ. ਗੁਰਚਰਨ ਕੌਰ ਕੋਚਰ, ਕਹਾਣੀਕਾਰ ਜਸਵੀਰ ਰਾਣਾ, ਡਾ. ਰਮਨ ਸ਼ਰਮਾ, ਡਾ.ਸੰਦੀਪ ਕੌਰ ਸੇਖੋਂ, ਡਾ. ਰਾਜਪ੍ਰੀਤ ਕੌਰ ਡਾ. ਸਤਪਾਲ ਸਿੰਘ ਅਤੇ ਪ੍ਰੋ.ਇੰਦਰਪਾਲ ਸਿੰਘ ਨੇ ਨਿਭਾਈ। 

ਸ਼ੁਰੂਆਤ ਵਿੱਚ ਡਾ. ਵੀਰਪਾਲ ਕੌਰ ਹੋਰਾਂ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਪ੍ਰਮੁੱਖ ਸਾਹਿਤਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਮੁਕਾਬਲੇ ਵਿੱਚ ਭਾਗ ਲੈਂਦਿਆਂ ਵਧੇਰੇ ਉਤਸ਼ਾਹ ਮਹਿਸੂਸ ਹੋਵੇਗਾ। ਸਾਹਿਤ ਸਿਰਜਣ ਮੁਕਾਬਲੇ ਕਾਲਜ਼ ਦੇ ਕਾਮਰਸ ਬਲਾਕ ਅਤੇ ਕਵਿਤਾ ਗਾਇਨ ਮੁਕਾਬਲੇ ਰੂਸਾ ਹਾਲ ਵਿੱਚ ਕਰਵਾਏ ਗਏ ਅਤੇ ਸਾਹਿਤ ਸਿਰਜਣ ਲਈ ਵਿਸ਼ੇ ਮੌਕੇ 'ਤੇ ਦੱਸੇ ਗਏ। ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਕਵਿਤਾ ਲੇਖਣ ਵਿੱਚ ਜਸਪ੍ਰੀਤ ਕੌਰ (ਸ.ਹਾ.ਸਕੂਲ ਨੰਗਲ) ਬਰਨਾਲਾ ਨੇ ਪਹਿਲਾ, ਹਰਲੀਨ ਕੌਰ (ਸ.ਹਾ.ਸਕੂਲ, ਸੇਖਾ ਕਲਾਂ) ਮੋਗਾ ਨੇ ਦੂਜਾ ਅਤੇ ਦਿਵਿਆ (ਸ.ਹਾ.ਸਕੂਲ ਆਲਮਗੜ੍ਹ) ਫਾਜਿਲਕਾ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਕਹਾਣੀ ਲੇਖਣ ਵਿੱਚ ਗੁਨੀਤ ਕੌਰ (ਦਸ਼ਮੇਸ਼ ਪਬਲਿਕ ਸਕੂਲ) ਫਰੀਦਕੋਟ ਅੱਵਲ ਰਹੀ, ਪ੍ਰਨਾਜ਼ ਕੌਰ (ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ) ਅੰਮ੍ਰਿਤਸਰ ਨੇ ਦੂਜਾ, ਚੰਦਰਕਲਾ (ਸ.ਸ.ਸ.ਸ. ਸਕੂਲ ਕੱਲ੍ਹਰ ਖੇੜਾ) ਫਾਜਿਲਕਾ ਨੇ ਤੀਜਾ ਸਥਾਨ ਹਾਸਲ ਕੀਤਾ.ਇਸੇ ਤਰ੍ਹਾਂ ਲੇਖ ਮੁਕਾਬਲਿਆਂ ਵਿੱਚ ਪਵਿੱਤਰ ਕੌਰ (ਸ.ਹਾ.ਸਕੂਲ ਲਹਿਰਾ ਬੇਗਾ) ਬਠਿੰਡਾ ਨੇ ਬਾਜੀ ਮਾਰੀ, ਜਦਕਿ ਹਰਸ਼ਪ੍ਰੀਤ ਕੌਰ (ਸ.ਸ.ਸ.ਸ. ਕੋਟਲਾ, ਬਜਵਾੜਾ) ਫਤਿਹਗੜ੍ਹ ਸਾਹਿਬ ਨੇ ਦੂਜਾ ਅਤੇ ਨਵਨੀਤ ਕੌਰ (ਹਿੰਦੂ ਪੁੱਤਰੀ ਪਾਠਸ਼ਾਲਾ) ਕਪੂਰਥਲਾ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਗਾਇਨ ਵਿੱਚ ਕ੍ਰਮਵਾਰ ਨਵਜੋਤ ਕੌਰ (ਸ.ਹਾ.ਸਕੂਲ ਵਾਹਰੀ ਵਾਲਾ) ਫਿਰੋਜਪੁਰ ਨੇ ਪਹਿਲਾ, ਰਜਨੀਤ ਸਿੰਘ (ਸ.ਸ.ਸ.ਸਕੂਲ, ਦਿੜ੍ਹਿਆ ਵਾਲਾ) ਫਾਜ਼ਿਲਕਾ ਨੇ ਦੂਜਾ ਅਤੇ ਚਰਨ ਕੰਵਲ ਕੌਰ (ਸ.ਹਾ.ਸਕੂਲ ਸਹਿਜੜਾ) ਬਰਨਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਹਰ ਵਿਧਾ ਵਿੱਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਕੈਸ਼ ਇਨਾਮ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਪ੍ਰਿੰਸੀਪਲ ਐਜੂਕੇਸ਼ਨ ਕਾਲਜ ਸੁਧਾਰ ਡਾ. ਪਰਗਟ ਗਰਚਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ.ਦਵਿੰਦਰ ਸਿੰਘ ਲੋਟੇ ਅਤੇ ਪ੍ਰਿੰਸੀਪਲ ਅਸ਼ੀਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ. ਮੁੱਖ ਦਫਤਰ ਭਾਸ਼ਾ ਵਿਭਾਗ ਪੰਜਾਬ ਤੋਂ ਸਹਾਇਕ ਡਾਇਰੈਕਟਰ ਸ਼੍ਰੀ ਪਰਵੀਨ ਕੁਮਾਰ, ਸ.ਭਗਵਾਨ ਸਿੰਘ ਸਰਾਓਂ, ਸ. ਸਿਮਰਨ ਸਿੰਘ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਡਾ.ਜਸਲੀਨ ਕੌਰ ਨੇ ਨਿਭਾਈ। ਇਸ ਮੌਕੇ ਸਿੱਖਿਆ ਵਿਭਾਗ ਤੋਂ ਵਿਦਿਆਰਥੀਆਂ ਨਾਲ ਆਏ ਅਧਿਆਪਕਾਂ ਦੇ ਨਾਲ-ਨਾਲ ਸ਼੍ਰੀਮਤੀ ਸੁਪਰਜੀਤ ਕੌਰ, ਹਰਪ੍ਰੀਤ ਕੌਰ, ਪਰਵੀਨ ਕੁਮਾਰੀ, ਜਸਪਾਲ ਸਿੰਘ, ਸੀਮਾ ਸੈਨੀ, ਸੁਰਚਨਾ ਪੰਧੇਰ, ਰਵਨੀਤ ਕੌਰ, ਰਵਿੰਦਰ ਰਵੀ, ਹਰਵਿੰਦਰ ਸਿੰਘ ਬਿਲਗਾ ਅਤੇ ਹੋਰ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਖੋਜ ਅਫ਼ਸਰ ਸ. ਸੰਦੀਪ ਸਿੰਘ ਵਲੋਂ ਸਮਾਗਮ ਵਿੱਚ ਸਮੂਲੀਅਤ ਕਰਨ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ, ਵਿਦਿਆਰਥੀਆਂ ਅਤੇ ਕਾਲਜ ਪ੍ਰਸ਼ਾਸ਼ਨ ਦਾ ਸ਼ੁਕਰਾਨਾ ਕੀਤਾ।

No comments:

Post a Comment