ਲੁਧਿਆਣਾ, 14 ਨਵੰਬਰ (Sanjeev Kumar Sharma) - ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01-01-2023 ਦੇ ਆਧਾਰ 'ਤੇ ਜ਼ਿਲ੍ਹਾ ਲੁਧਿਆਣਾ ਵਿੱਚ ਆਉਂਦੇ ਕੁੱਲ 14 ਵਿਧਾਨ ਸਭਾ ਹਲਕਿਆਂ ਦੇ ਵਸਨੀਕਾਂ ਦੀ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜਿਸਦੇ ਤਹਿਤ ਬੂਥ ਲੈਵਲ 'ਤੇ 19-20 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਨਿਰਧਾਰਿਤ ਪੋਲਿੰਗ ਸਟੇਸ਼ਨਾਂ 'ਤੇ ਸਪੈਸ਼ਲ ਕੈਂਪ ਲਗਾਏ ਜਾਣਗੇ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ 09 ਨਵੰਬਰ ਤੋਂ 08 ਦਸੰਬਰ ਤੱਕ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦੇ ਤਹਿਤ 19 ਨਵੰਬਰ (ਦਿਨ ਸ਼ਨੀਵਾਰ) ਅਤੇ 20 ਨਵੰਬਰ (ਦਿਨ ਐਤਵਾਰ) ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵਲੋਂ ਨਿਰਧਾਰਿਤ ਪੋਲਿੰਗ ਸਟੇਸ਼ਨ 'ਤੇ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਅਗਲੇ ਕੈਂਪ ਮਿਤੀ 03 ਅਤੇ 04 ਦਸੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਹੁਣ ਸਾਲ ਵਿੱਚ ਚਾਰ ਵਾਰ ਵੋਟ ਬਣਾ ਸਕਣਗੇ। ਨਵੇਂ ਵੋਟਰ ਬਣਨ ਦੀ ਯੋਗਤਾ ਰੱਖਣ ਵਾਲੇ ਲੜਕੇ ਅਤੇ ਲੜਕੀਆਂ ਸਾਲ ਵਿੱਚ ਚਾਰ ਵਾਰ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਤੋਂ ਜਿੰਨ੍ਹਾਂ ਦੀ ਉਮਰ 18 ਸਾਲ ਹੈ ਜਾਂ ਵੱਧ ਹੈ ਅਤੇ ਵੋਟ ਨਹੀਂ ਬਣੀ ਹੈ, ਆਪੋ ਆਪਣੀ ਵੋਟ ਬਣਾ ਸਕਣਗੇ। ਪਹਿਲਾਂ ਇਹ ਮੌਕਾ 1 ਜਨਵਰੀ ਨੂੰ 18 ਸਾਲ ਹੋਣ 'ਤੇ ਹੀ ਲੜਕੇ-ਲੜਕੀਆਂ ਨੂੰ ਵੋਟਰ ਫਾਰਮ ਭਰਨ ਦੀ ਇਜ਼ਾਜ਼ਤ ਮਿਲਦੀ ਸੀ, ਪ੍ਰੰਤੂ ਇਸ ਪ੍ਰੋਗਰਾਮ ਤਹਿਤ 17 ਸਾਲ ਉਮਰ ਪੂਰੀ ਕਰ ਚੁੱਕੇ ਲੜਕੇ-ਲੜਕੀਆਂ ਵੋਟ ਲਈ ਅਪਲਾਈ ਕਰ ਸਕਦੇ ਹਨ।ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7 ਅਤੇ ਕਿਸੇ ਵੀ ਪ੍ਰਕਾਰ ਦੀ ਦਰੁਸਤੀ ਕਰਨ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਫਾਰਮ ਨੰਬਰ 8 ਏ ਜੋ ਕਿ ਇੱਕ ਵਿਧਾਨ ਸਭਾ ਹਲਕੇ ਵਿੱਚ ਇੱਕ ਬੂਥ ਤੋਂ ਦੂਸਰੇ ਬੂਥ ਵਿੱਚ ਵੋਟ ਤਬਦੀਲ ਕਰਨ ਲਈ ਵਰਤਿਆ ਜਾਂਦਾ ਸੀ, ਖਤਮ ਕਰਕੇ ਹੁਣ ਫਾਰਮ ਨੰਬਰ 8 ਨਾਲ ਹੀ ਜੋੜ ਦਿੱਤਾ ਗਿਆ ਹੈ। ਇਸ ਲਈ ਕਿਸੇ ਵੀ ਤਰਾਂ ਦੀ ਤਬਦੀਲੀ ਲਈ ਵੀ ਫਾਰਮ ਨੰਬਰ 8 ਹੀ ਭਰਿਆ ਜਾਵੇਗਾ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀ ਦੀ ਸੁਧਾਈ ਦੇ ਕੰਮ ਵਿੱਚ ਆਪਣਾ ਨਿੱਜੀ ਯੋਗਦਾਨ ਪਾਉਣ।
No comments:
Post a Comment