Friday, December 2, 2022

ਪੰਜਾਬ ਵਿਧਾਨ ਸਭਾ ਸਪੀਕਰ ਨੇ ਪਰਾਲੀ ਨਾ ਸਾੜਨ ਵਾਲੇ ਅੱਠ ਜ਼ਿਲਿ੍ਹਆਂ ਦੇ 700 ਕਿਸਾਨਾਂ ਨੂੰ ਕੀਤਾ ਸਨਮਾਨਿਤ

ਸੰਧਵਾਂ ਨੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 55 ਫੀਸਦੀ ਕਮੀ ਲਈ ਲੁਧਿਆਣਾ ਦੀ  ਕੀਤੀ ਸ਼ਲਾਘਾ

ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਹੈ- ਸਪੀਕਰ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ’ਆਪ’ ਸਰਕਾਰ ਬਣਾ ਰਹੀ ਹੈ ਵਿਸ਼ੇਸ਼ ਨੀਤੀਆਂ -ਸੰਧਵਾਂ



ਲੁਧਿਆਣਾ, 2 ਦਸੰਬਰ


ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਛੇ ਜ਼ਿਲਿ੍ਹਆਂ ਦੇ 700 ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਆਪਣੇ ਖੇਤਰਾਂ ਵਿੱਚ ਲੱਖਾਂ ਬੂਟੇ ਲਗਾਉਣ ਲਈ ਸਨਮਾਨਿਤ ਕੀਤਾ।



ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਗਦਰੀ ਬਾਬਾ ਦੁੱਲਾ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਜੰਗਲਾਤ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਇਹ 700 ਕਿਸਾਨ ਪ੍ਰਦੂਸ਼ਣ ਵਿਰੁੱਧ ਯੋਧੇ ਬਣ ਕੇ ਸਾਹਮਣੇ ਆਏ ਹਨ। ਰਹਿੰਦ-ਖੂੰਹਦ ਨੂੰ ਨਾ ਸਾੜ ਕੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਇੰਨ-ਬਿੰਨ  ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਹੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੈ।


ਸੰਧਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਖਤਰੇ ‘ਤੇ ਕਾਬੂ ਪਾਉਣ ਲਈ ਸੁਹਿਰਦ ਯਤਨ ਕਰ ਰਹੀ ਹੈ ਪਰ ਇਸ ਖਤਰੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕਿਸਾਨਾਂ ਦੇ ਪੂਰਨ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 55 ਫੀਸਦੀ ਕਮੀ ਆਉਣ ਅਤੇ ਪਰਾਲੀ ਸਾੜਨ ਤੋਂ ਗੁਰੇਜ਼ ਕਰਕੇ ਕੀਮਤੀ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਲਈ ਲੁਧਿਆਣਾ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਵੀ ਸ਼ਲਾਘਾ ਕੀਤੀ।


ਪੰਜਾਬ ਸਪੀਕਰ ਨੇ ਅੱਗੇ ਕਿਹਾ ਕਿ ’ਆਪ’ ਸਰਕਾਰ ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਵਿਸ਼ੇਸ਼ ਨੀਤੀਆਂ ਬਣਾਉਣ ’ਤੇ ਸੁਹਿਰਦਤਾ ਨਾਲ ਯਤਨਸ਼ੀਨ  ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਪਰਾਲੀ ਸਾੜਨ ਦਾ ਰੁਝਾਨ ਅਤੇ ਹੋਰ ਬਿਮਾਰੀਆਂ ਨਹੀਂ ਰਹਿਣਗੀਆਂ।

ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਯੂਨੀਵਰਸਿਟੀ ਦੇ 1000 ਦੇ ਕਰੀਬ ਬੀ.ਐਸ.ਸੀ ਵਿਦਿਆਰਥੀਆਂ ਨੇ ਜ਼ਿਲ੍ਹੇ ਦੇ ਕੋਨੇ-ਕੋਨੇ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਨ ਅਤੇ ਸਿਹਤ ’ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।




ਇਸ ਮੌਕੇ ਭਾਈ ਘਨ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦ ਬਾਜਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪੰਜਾਬ ਦੇ ਵਾਤਾਵਰਨ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਕੇਵਲ 16 ਸਾਲ ਤੱਕ ਹੀ ਰਹਿ ਗਿਆ ਹੈ। ਪੰਜਾਬ ਵਿੱਚ ਜੰਗਲਾਤ ਹੇਠਲਾ ਰਕਬਾ 33 ਫੀਸਦੀ ਤੋਂ ਘਟ ਕੇ 3.67 ਫੀਸਦ ਰਹਿ ਗਿਆ ਹੈ ਅਤੇ ਪ੍ਰਦੂਸ਼ਣ ਕਾਰਨ ਕਈ ਸਿਹਤ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਅਤੇ ਵਾਤਾਵਰਨ ਦੀ ਸੰਭਾਲ ਲਈ ਯੋਗਦਾਨ ਪਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਕੋਟਕਪੂਰਾ, ਬਠਿੰਡਾ ਅਤੇ ਖਡੂਰ ਸਾਹਿਬ ਵਿਖੇ 1400 ਦੇ ਕਰੀਬ ਕਿਸਾਨਾਂ ਨੂੰ ਸਨਮਾਨਿਤ ਕਰ ਚੁੱਕੀ ਹੈ।


ਅੱਜ ਲੁਧਿਆਣਾ, ਮੋਗਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ, ਐਸ.ਬੀ.ਐਸ.ਨਗਰ (ਨਵਾਂਸ਼ਹਿਰ) ਅਤੇ ਫਿਰੋਜ਼ਪੁਰ ਤੋਂ ਆਏ ਕਿਸਾਨਾਂ ਦਾ ਸਨਮਾਨ ਕੀਤਾ ਗਿਆ।


ਇਸ ਮੌਕੇ ਵਿਧਾਇਕ ਜਗਰਾਉਂ ਸਰਵਜੀਤ ਕੌਰ ਮਾਣੂੰਕੇ, ਦਲਜੀਤ ਸਿੰਘ ਗਰੇਵਾਲ, ਡਿਪਟੀ ਕਮਿਸ਼ਨਰ ਤਰਨਤਾਰਨ ਰਿਸ਼ੀਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ, ਪੰਜਾਬੀ ਅਦਾਕਾਰ ਮਲਕੀਤ ਸਿੰਘ ਰੌਣੀ, ਡਾ: ਹਰਮਿੰਦਰ ਸਿੰਘ ਆਦਿ ਮੌਜੂਦ ਸਨ।

No comments:

Post a Comment

Popular News